
ਚੰਡੀਗੜ੍ਹ, 21 ਨਵੰਬਰ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਨੂੰ ਪੰਜਾਬ ਪੁਲੀਸ ਵਲੋਂ ਭਾਰਤ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਸੂਬਾ ਪੁਲੀਸ ਮੁਖੀ ਨੇ ਇਸ ਸਬੰਧੀ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉੱਤਰੀ ਅਮਰੀਕਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਇਲਾਵਾ ਪੰਜਾਬ ਸਮੇਤ ਕਈ ਸੂਬਿਆਂ ਦੀ ਪੁਲੀਸ ਗੋਲਡੀ ਬਰਾੜ ਦੀ ਭਾਲ ਕਰ ਰਹੀ ਹੈ। ਪੰਜਾਬ ਪੁਲੀਸ ਕੋਲ ਇਹ ਪੱਕੀ ਜਾਣਕਾਰੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਇਸ ਸਮੇਂ ਉੱਤਰੀ ਅਮਰੀਕਾ ‘ਚ ਹੈ। ਪੰਜਾਬ ਪੁਲੀਸ ਅਤੇ ਹੋਰ ਰਾਜਾਂ ਦੀ ਪੁਲੀਸ ਲਗਾਤਾਰ ਉਸਦੇ ਟਿਕਾਣੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਗੋਲਡੀ ਬਰਾੜ ਕੈਨੇਡਾ ਭੱਜ ਗਿਆ ਸੀ, ਪਰ ਉੱਥੇ ਖ਼ਤਰੇ ਨੂੰ ਭਾਂਪਦਿਆਂ ਉਹ ਉੱਤਰੀ ਅਮਰੀਕਾ ਨੂੰ ਚਲਾ ਗਿਆ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਗੋਲਡੀ ਬਰਾੜ ਆਪਣਾ ਬਚਾਅ ਕਰਨ ਲਈ ਕੈਲੀਫੋਰਨੀਆ ‘ਚ ਕਾਨੂੰਨੀ ਸ਼ਰਨ ਲੈਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।
