ਨਿਊਜ਼ ਡੈਸਕ: ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪਰਾਈ ਇਸਤਰੀ ਨਾਲ ਗਮਨ ਤੇ ਬਜਰ ਕੁੁਰਾਇਤ ਕਬੂਲ ਲਈ ਹੈ। ਜਿਸ ਤੋਂ ਬਾਅਦ ਸਿੰਘ ਸਾਹਿਬਾਨ ਨੇ ਲੰਗਾਹ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ ਦੀ ਸੇਵਾ ਲਗਾਈ ਹੈ। 1 ਘੰਟਾ ਕੀਰਤਨ ਪਰਿਕਰਮਾ ‘ਚ ਕੀਰਤਨ ਸਰਵਨ ਕਰਨ, 1 ਪਾਠ ਜਪੁਜੀ ਸਾਹਿਬ, 1 ਘੰਟਾ ਬਰਤਨ ਸਾਫ ਕਰਨ ਆਦਿ ਸੇਵਾ ਲਗਾਈ ਹੈ। ਲੰਗਾਹ ਦੇ 5 ਸਾਲ ਲਈ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਸਿੰਘ ਸਾਹਿਬਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਸਿਆਸੀ ਤੌਰ ‘ਤੇ ਵਿਚਰ ਸਕਦੇ ਹਨ।
ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦਿਆਂ ਲਿਖਿਆ ਜਥੇਦਾਰ ਸਾਹਿਬ ਨੂੰ ਪੰਥ ਦੇ ਇਸ ਮਹਾਨ ਯੋਧੇ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਉਸ ਨੂੰ ਪੰਥ ਵਿੱਚ ਦੁਬਾਰਾ ਸ਼ਾਮਲ ਕਰਨ ਤੇ ਮੁਬਾਰਕਾਂ। ਕੌਮ ਨੂੰ ਇਸ ਸਿਰਮੋਰ ਯੋਧੇ ਦੀ ਬਹੁਤ ਜ਼ਰੂਰਤ ਸੀ। ਮੇਰਾ ਸੁਝਾਅ ਹੈ ਕਿ ਹੁਣ ਸੁੱਚਾ ਸਿੰਘ ਲੰਗਾਹ ਦੇ ਅਤੀਤ ਨੂੰ ਦੇਖਦਿਆਂ ਤੇ ਉਸ ਦੇ ‘ਮਹਾਨ’ ਕੰਮਾਂ ਲਈ ਕੋਈ ਸਨਮਾਨਿਤ ਉਪਾਧੀ ਵੀ ਦੇ ਦੇਣੀ ਚਾਹੀਦੀ ਹੈ।
ਸਾਲ 2017 ਵਿੱਚ ਇੱਕ ਮਹਿਲਾ ਵੱਲੋਂ ਸੁੱਚਾ ਸਿੰਘ ਲੰਗਾਹ ਉੱਤੇ ਰੇਪ ਅਤੇ ਧੋਖਾਧੜੀ ਦੇ ਇਲਜਾਮ ਲਗਾਏ ਗਏ ਸਨ। ਉਸ ਵੇਲੇ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ‘ਚੋ ਵੀ ਛੇਕ ਦਿੱਤਾ ਗਿਆ ਸੀ।ਅਕਾਲੀ ਦਲ ਨੇ ਵੀ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ। ਹਾਲਾਂਕਿ ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਦੀ ਐਡੀਸ਼ਨਲ ਸ਼ੈਸ਼ਨ ਅਦਾਲਤ ਨੇ 30 ਜੁਲਾਈ 2018 ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ ਕਿਉਂਕਿ ਮਹਿਲਾ ਬਾਅਦ ਵਿੱਚ ਆਪਣੇ ਬਿਆਨ ਤੋਂ ਮੁੱਕਰ ਗਈ ਸੀ।
ਦਸ ਦਈਏ ਕਿ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਧਾਰਮਿਕ ਸਜ਼ਾ ਦੌਰਾਨ ਸੁੱਚਾ ਸਿੰਘ ਲੰਗਾਹ ਨਾ ਤਾਂ ਕਿਸੇ ਨਾਲ ਗੱਲ ਕਰਨਗੇ ਤੇ ਨਾ ਹੀ ਸੇਵਾ ਕਰਨ ਦਾ ਦਿਖਾਵਾ ਕਰਨਗੇ, ਇਸ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਪਾਉਣ ਤੋਂ ਵੀ ਵਰਜਿਆ ਗਿਆ ਹੈ।
ਬੇਦਾਅਵਾ: ਇਹ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਪ੍ਰਦਾਨ ਕੀਤਾ ਗਿਆ ਹੈ। ਜਾਣਕਾਰੀ ਗਲੋਬਲ ਪੰਜਾਬ ਟੀਵੀ ਦੇ ਵਿਚਾਰਾਂ, ਨੀਤੀ ਜਾਂ ਵਿਚਾਰਾਂ ਦੀ ਨੁਮਾਇੰਦਗੀ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ, ਨਾ ਹੀ ਇਸ ਦੇ ਕਿਸੇ ਵੀ ਸਟਾਫ, ਕਰਮਚਾਰੀ, ਜਾਂ ਸਹਿਯੋਗੀ।