ਬੰਬੀਹਾ ਗੈਂਗ, ਬੱਬੂ ਮਾਨ, ਧਮਕੀ, ਸੁਰੱਖਿਆ, ਗਾਇਕ Daily Post Live


ਗਾਇਕ ਬਾਬੂ ਮਾਨ ਨੂੰ ਬੰਬੀਹਾ ਗੈਂਗ ਤੋਂ ਧਮਕੀ

ਬਿਊਰੋ ਰਿਪੋਰਟ : ਪੰਜਾਬ ਪੁਲਿਸ ਨੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਮੋਹਾਲੀ ਵਾਲੇ ਘਰ ਦੀ ਸੁਰੱਖਿਆ ਵਧਾ ਦਿੱਤਾ ਹੈ । ਬੱਬੂ ਮਾਨ ਦਾ ਸੈਕਟਰ 70 ਵਿੱਚ ਘਰ ਹੈ। ਦੱਸਿਆ ਜਾ ਰਿਹਾ ਹੈ ਬੰਬੀਹਾ ਗੈਂਗ ਤੋਂ ਬੱਬੂ ਮਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਵੱਲੋਂ ਵੱਡੀ ਸਾਜਿਸ਼ ਰੱਚੀ ਜਾ ਸਕਦੀ ਹੈ । ਦਰਾਸਲ ਲੰਮੇ ਵਕਤ ਤੋਂ ਬੱਬੂ ਮਾਨ ਬੰਬੀਹਾ ਗੈਂਗ ਦੇ ਨਿਸ਼ਾਨੇ ‘ਤੇ ਸਨ । ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੱਬੂ ਮਾਨ ਨੂੰ ਮਿਲ ਰਹੀਆਂ ਧਮਕੀਆਂ ਪੁਲਿਸ ਲਈ ਵੱਡੀ ਚੁਣੌਤੀ ਹੈ । ਸਿੱਧੂ ਮੂਸੇਵਾਲਾ ਵਾਂਗ ਬੱਬੂ ਮਾਨ ਦੇ ਵੀ ਪੂਰੀ ਦੁਨੀਆ ਵਿੱਚ ਫੈਨ ਹਨ। ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਫੈਨ ਅਤੇ ਬੱਬੂ ਮਾਨ ਦੇ ਫੈਨ ਆਹਮੋ-ਸਾਹਮਣੇ ਹੁੰਦੇ ਰਹੇ ਸਨ। ਪਰ ਮੂਸੇਵਾਲਾ ਦੀ ਮੌਤ ‘ਤੇ ਬੱਬੂ ਮਾਨ ਨੇ ਗਹਿਰਾ ਦੁੱਖ ਜਤਾਉਂਦੇ ਹੋਏ ਮਾਰਨ ਵਾਲਿਆਂ ਨੂੰ ਲਾਨਤਾਂ ਪਾਇਆ ਸਨ । ਜਿਸ ਥਾਂ ‘ਤੇ ਬੱਬੂ ਮਾਨ ਦਾ ਘਰ ਹੈ ਉਸ ਤੋਂ ਕੁਝ ਹੀ ਦੂਰੀ ‘ਤੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਵੀ ਘਰ ਹੈ ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਵਾਰ-ਵਾਰ ਪੰਜਾਬੀ ਗਾਇਕੀ ਸਨਅਤ ਵਿੱਚ ਗੈਂਗਸਟਰਾਂ ਦੇ ਦਬਦਬੇ ਦਾ ਇਲਜ਼ਾਮ ਲਾ ਚੁੱਕੇ ਹਨ । ਇਸੇ ਹਫ਼ਤੇ ਵਿੱਚ ਹੀ ਮੂਸੇਵਾਲਾ ਦੇ ਪਿਤਾ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਸੀ । ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਉਹ ਡੀਜੀਪੀ ਨਾਲ ਮੁਲਾਕਾਤ ਕਰਨਗੇ ਤਾਂ ਉਨ੍ਹਾਂ ਗਾਇਕਾਂ ਦਾ ਨਾਂ ਦੱਸਣਗੇ ਜਿੰਨਾਂ ਦਾ ਗੈਂਗਸਟਰਾਂ ਨਾਲ ਲਿੰਕ ਹੈ । ਸਿੱਧੂ ਮੂਸੇਵਾਲਾ ਦਾ ਕਤਲ ਲਾਰੈਂਸ ਅਤੇ ਗੋਲਡੀ ਬਰਾੜ ਦੇ ਗੈਂਗ ਵੱਲੋਂ ਕੀਤਾ ਗਿਆ ਸੀ । ਦੋਵਾਂ ਗੈਂਗਸਟਰਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਦੋਸਤ ਮਿੱਡੂ ਮਿੱਠੂ ਖੇੜਾ ਦੇ ਕਤਲਕਾਂਡ ਦਾ ਬਦਲਾ ਲਿਆ ਹੈ । ਇਸ ਦੇ ਜਵਾਬ ਵਿੱਚ ਵਾਰ-ਵਾਰ ਬੰਬੀਹਾ ਗੈਂਗ ਵੱਲੋਂ ਇਸ ਦਾ ਬਦਲਾ ਲੈਣ ਦਾ ਐਲਾਨ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਖਿਲਾਫ਼ ਸਖਤੀ

2 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਖਿਲਾਫ਼ ਪੁਲਿਸ ਨੂੰ ਵੱਡੇ ਨਿਰਦੇਸ਼ ਦਿੱਤੇ ਸਨ । ਜਿਸ ਦੇ ਤਹਿਤ ਪੰਜਾਬ ਵਿੱਚ 3 ਮਹੀਨਿਆਂ ਦੇ ਅੰਦਰ ਹਥਿਆਰਾਂ ਦੇ ਸਾਰੇ ਲਾਇਸੈਂਸ ਰੀਵਿਊ ਹੋਣਗੇ,ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਕਰਨ ‘ਤੇ ਵੀ ਹੁਣ ਪਾਬੰਦੀ ਹੋਵੇਗੀ ਤੇ ਇਸ ਤੋਂ ਇਲਾਵਾ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਵੀ ਰੋਕ ਲਗੇਗੀ। ਪੰਜਾਬ ਵਿਚ ਪੰਦਰਾਂ ਘਰਾਂ ਪਿੱਛੇ ਇੱਕ ਲਾਇਸੈਂਸੀ ਹਥਿਆਰ ਹੈ। ਮੋਟੇ ਅੰਦਾਜ਼ੇ ਅਨੁਸਾਰ ਸੂਬੇ ਵਿਚ 3.75 ਲੱਖ ਲਾਇਸੈਂਸੀ ਹਥਿਆਰ ਹਨ। ਇਕੱਲੇ ਜ਼ਿਲ੍ਹਾ ਲੁਧਿਆਣਾ ਵਿਚ ਲਾਇਸੈਂਸਾਂ ਦਾ ਅੰਕੜਾ 30 ਹਜ਼ਾਰ ਦੇ ਨੇੜੇ ਹੈ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ 27 ਹਜ਼ਾਰ ਦੇ ਕਰੀਬ ਅਸਲਾ ਲਾਇਸੈਂਸ ਹਨ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਵਿਚ ਕਰੀਬ 29 ਹਜ਼ਾਰ ਅਸਲਾ ਲਾਇਸੈਂਸ ਹਨ। ਪ੍ਰਤੀ ਹਲਕਾ ਔਸਤਨ ਲਾਇਸੈਂਸੀ ਹਥਿਆਰਾਂ ਦੀ ਗਿਣਤੀ 3000 ਦੇ ਕਰੀਬ ਬਣਦੀ ਹੈ। ਇਸੇ ਤਰ੍ਹਾਂ ਔਸਤਨ ਪ੍ਰਤੀ ਵਿਧਾਨ ਸਭਾ ਹਲਕਾ 20 ਵੀਆਈਪੀਜ਼ ਹਨ ਜਿਨ੍ਹਾਂ ਨੂੰ ਔਸਤਨ ਪ੍ਰਤੀ ਹਲਕਾ 63 ਗੰਨਮੈਨ ਦਿੱਤੇ ਹੋਏ ਹਨ। ਪੰਜਾਬ ਸਰਕਾਰ ਨੇ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮੌਜੂਦਾ ਚੱਲ ਰਹੇ ਗੀਤਾਂ ਨੂੰ ਸਰਕਾਰ ਸੋਸ਼ਲ ਮੀਡੀਆ ਪਲੈਟਫ਼ਾਰਮ ਤੋਂ ਕਿਵੇਂ ਹਟਾਏਗੀ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਇਸ ਕਦਮ ਨਾਲ ਭੜਕਾਊ ਗੀਤਾਂ ਨੂੰ ਠੱਲ੍ਹ ਪਾਉਣ ਵਿਚ ਕੁਝ ਹੱਦ ਤੱਕ ਮਦਦ ਮਿਲੇਗੀ। ਪੰਜਾਬ ਸਰਕਾਰ ਨੇ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ । ਜਿਸ ਵਿੱਚ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਾਰੀ ਕੀਤੇ ਗਏ ਅਸਲੇ ਦੇ ਲਾਇਸੈਂਸ 3 ਮਹੀਨਿਆਂ ਦੇ ਅੰਦਰ ਰੀਵਿਊ ਹੋਣਗੇ ਤੇ ਗਲਤ ਅਨਸਰ ਨੂੰ ਜਾਰੀ ਕੀਤੇ ਗਏ ਲਾਅਸੈਂਸ ਨੂੰ ਤੁਰੰਤ ਰੱਦ ਕੀਤਾ ਜਾਵੇਗਾ।

Leave a Comment