ਬਰੈਂਪਟਨ ਸਿਟੀ ਕਾਊਂਸਲ ਵੱਲੋਂ ਹਰਕੀਰਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਡਿਪਟੀ ਮੇਅਰ Daily Post Live


ਕੈਨੇਡਾ 18 ਨਵੰਬਰ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ) – ਬੀਤੇ ਬੁਧਵਾਰ ਨੂੰ ਹੋਈ ਵਿਸ਼ੇਸ਼ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਿਟੀ ਕਾਊਂਸਲਰ ਹਰਕੀਰਤ ਸਿੰਘ ਨੂੰ 2022 ਤੋਂ 2026 ਦੇ ਕਾਰਜਕਾਲ ਲਈ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਉਹ ਵਾਰਡ ਨੰ 9 ਤੇ 10 ਤੋਂ ਕਾਊਂਸਲਰ ਹਨ।

ਡਿਪਟੀ ਮੇਅਰ ਨੇ ਕਾਊਂਸਲ ਤੇ ਕਮੇਟੀ ਮੀਟਿੰਗਾਂ ਦੀ ਪ੍ਰਧਾਨਗੀ ਕਰਨੀ ਹੁੰਦੀ ਹੈ ਤੇ ਮੇਅਰ ਦੀ ਗੈਰਹਾਜ਼ਰੀ ਜਾਂ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਪੱਖ ਉੱਤੇ ਸੈਰੇਮੋਨੀਅਲ ਤੇ ਸਿਵਿਕ ਈਵੈਂਟ ਡਿਊਟੀਜ਼ ਪੂਰੀਆਂ ਕਰਨੀਆਂ ਹੁੰਦੀਆਂ ਹਨ। ਕਾਊਂਸਲਰ ਹਰਕੀਰਤ ਸਿੰਘ ਨੇ 2018 ਤੋਂ 2022 ਦਰਮਿਆਨ ਵਾਰਡ ਨੰ 9 ਤੇ 10 ਲਈ ਸਿਟੀ ਕਾਊਂਸਲਰ ਵਜੋਂ ਬਰੈਂਪਟਨ ਕਾਊਂਸਲ ਵਿੱਚ ਸੇਵਾ ਨਿਭਾਈ। ਇਸ ਤੋਂ ਇਲਾਵਾ ਸਿਟੀ ਕਾਊਂਸਲਰ ਦੀ ਭੂਮਿਕਾ ਤੋਂ ਪਹਿਲਾਂ ਉਹ ਚਾਰ ਸਾਲ ਲਈ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿਖੇ ਸਕੂਲ ਟਰਸਟੀ ਰਹਿ ਚੁੱਕੇ ਹਨ।

ਅਪਰੈਲ 2022 ਵਿੱਚ ਸਿਟੀ ਆਫ ਬਰੈਂਪਟਨ ਵੱਲੋਂ ਡਿਪਟੀ ਮੇਅਰ ਦਾ ਅਹੁਦਾ ਕਾਇਮ ਕੀਤਾ ਗਿਆ ਤੇ ਜਿਸ ਨੂੰ ਦੋ ਹਿੱਸਿਆਂ ਪੂਰਬੀ ਤੇ ਪੱਛਮੀਂ ਵਿੱਚ ਵੰਡ ਦਿੱਤਾ ਗਿਆ। ਰੀਜਨਲ ਕਾਊਂਸਲਰ ਪੈਟ ਫੋਰਟਿਨੀ ਵਾਰਡ 7 ਤੇ 8 ਨੇ ਪੂਰਬੀ ਬਰੈਂਪਟਨ ਦੀ ਨੁਮਾਇੰਦਗੀ ਕਰਦੇ ਹਨ ਤੇ ਰੀਜਨਲ ਕਾਊਂਸਲਰ ਮਾਰਟਿਨ ਮੈਡੇਰੌਸ ਵਾਰਡ 3 ਤੇ 4 ਵੱਲੋਂ ਪੱਛਮੀਂ ਬਰੈਂਪਟਨ ਦੀ ਨੁਮਾਇੰਦਗੀ ਕਰਦੇ ਹਨ।

ਇਸ ਦੇ ਨਾਲ ਹੀ ਵਾਰਡਜ਼ 1 ਤੇ 5 ਤੋਂ ਰੋਵੀਨਾ ਸੈਂਟੋਸ, ਵਾਰਡ 3 ਤੇ 4 ਤੋਂ ਡੈਨਿਸ ਕੀਨਨ, ਵਾਰਡ 2 ਤੇ 6 ਤੋਂ ਨਵਜੀਤ ਕੌਰ ਬਰਾੜ ਨੂੰ ਪੀਲ ਰੀਜਨਲ ਕਾਊਂਸਲ ਲਈ ਬਰੈਂਪਟਨ ਤੋਂ ਵਾਧੂ ਰੀਜਨਲ ਕਾਊਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਸਾਰੇ 2022 ਤੋਂ 2026 ਦੇ ਕਾਰਜਕਾਲ ਲਈ ਆਪਣੇ ਅਹੁਦੇ ਉੱਤੇ ਰਹਿਣਗੇ।

ਕਾਊਂਸਲਰ ਸੈਂਟੋਸ, ਕੀਨਨ ਤੇ ਬਰਾੜ ਦੇ ਨਾਲ ਨਾਲ ਸਿਟੀ ਦੇ ਚੁਣੇ ਹੋਏ ਰੀਜਨਲ ਕਾਊਂਸਲਰ 17 ਨਵੰਬਰ ਨੂੰ ਸਵੇਰੇ 9:30 ਵਜੇ ਪੀਲ ਰੀਜਨਲ ਕਾਊਂਸਲ ਦੀ ਮੀਟਿੰਗ ਵਿੱਚ ਆਪਣੇ ਅਹੁਦੇ ਦੀ ਸੰਹੁ ਚੁੱਕਣਗੇ। ਪੀਲ ਰੀਜਨ ਨੇ ਬਾਇ ਲਾਅ 83-2020 ਵਿੱਚ ਤਬਦੀਲੀ ਕਰਕੇ ਸਿਟੀ ਆਫ ਬਰੈਂਪਟਨ ਲਈ ਨੌਂ ਹੋਰ ਰੀਜਨਲ ਕਾਊਂਸਲਰਜ਼ ਨਿਯੁਕਤ ਕੀਤੇ ਹਨ। ਮਿਊਂਸਪਲ ਚੋਣਾਂ ਤੋਂ ਬਾਅਦ ਚੁਣੇ ਗਏ ਪੰਜ ਸਿਟੀ ਕਾਊਂਸਲਰਜ਼ ਵਿੱਚੋਂ ਸਿਟੀ ਕਾਊਂਸਲ ਵੱਲੋਂ ਵਾਧੂ ਰੀਜਨਲ ਕਾਊਂਸਲਰ ਨਿਯੁਕਤ ਕੀਤੇ ਗਏ ਹਨ। ਇਹ ਵਿਅਕਤੀ ਸਿਟੀ ਤੇ ਰੀਜਨਲ ਕਾਊਂਸਲ ਦੇ ਮੈਂਬਰਾਂ ਵਜੋਂ ਸੇਵਾ ਨਿਭਾਉਣਗੇ।

ਪਿਛਲਾ ਲੇਖ19 ਨੂੰ ਸੰਯੁਕਤ ਕਿਸਾਨ ਮੋਰਚਾ ਮਨਾਏਗਾ ਫ਼ਤਹਿ ਦਿਵਸ
ਅਗਲਾ ਲੇਖਅਮਰੀਕੀ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟਾਈ

Leave a Comment