ਪੰਜਾਬ ਦੇ 95 ਫੀਸਦੀ ਤੋਂ ਵੱਧ ਪਰਿਵਾਰਾਂ ਦਾ ਬਿਜਲੀ ਬਿੱਲ ਆਵੇਗਾ ਜ਼ੀਰੋ : CM ਮਾਨ Daily Post Live


ਚੰਡੀਗੜ੍ਹ: ਪੰਜਾਬ ਵਾਸੀਆਂ ਲਈ ਮੁਫਤ ਘਰੇਲੂ ਬਿਜਲੀ ਦੀ ਸਹੂਲਤ ਨੂੰ ਸੌਗਾਤ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ  ਨੇ ਅੱਜ ਕਿਹਾ ਕਿ ਆਉਂਦੇ ਮਹੀਨਿਆਂ ‘ਚ ਸੂਬੇ ਦੇ 95 ਫੀਸਦੀ ਤੋਂ ਵੱਧ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਵੇਗਾ, ਜਿਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ। CM ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਹਰ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦਾ ਪਹਿਲੀ ਵਾਰ ਪੰਜਾਬ ਦੇ 86 ਫੀਸਦੀ ਘਰਾਂ ‘ਤੇ ਜ਼ੀਰੋ ਬਿਜਲੀ ਬਿੱਲ ਆਇਆ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ 95 ਫੀਸਦੀ ਤੋਂ ਵੱਧ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ। ਇਹ ਕਦਮ ਘਰੇਲੂ ਖਪਤਕਾਰਾਂ ਲਈ ਵੱਡੀ ਰਾਹਤ ਹੈ, ਜਿਨ੍ਹਾਂ ਨੂੰ ਹੁਣ ਤੱਕ ਹਰ ਮਹੀਨੇ ਬਿਜਲੀ ਦੇ ਬਿੱਲਾਂ ਦੇ ਰੂਪ ਵਿੱਚ ਬਹੁਤ ਸਾਰਾ ਪੈਸਾ ਖਰਚ ਕਰਨਾ ਪੈਂਦਾ ਸੀ।

ਮੁੱਖ ਮੰਤਰੀ ਨੇ ਕਿਹਾ, “ਅਸੀਂ ਜੋ ਵਾਅਦਾ ਕਰਦੇ ਹਾਂ, ਉਸ ਨੂੰ ਪੂਰਾ ਵੀ ਕਰਦੇ ਹਾਂ। ਨੇਕ ਨੀਅਤ ਨਾਲ ਕੀਤੇ ਕੰਮਾਂ ਦੇ ਨਤੀਜੇ ਹਮੇਸ਼ਾ ਚੰਗੇ ਹੁੰਦੇ ਹਨ। ਪੰਜਾਬੀਆਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੇ ਘਰਾਂ ਦਾ ਬਿਜਲੀ ਬਿੱਲ ਇਕ ਦਿਨ ਜ਼ੀਰੋ ਆਵੇਗਾ ਪਰ ਹੁਣ ਇਹ ਸੱਚ ਸਾਬਤ ਹੋਇਆ। ਹੁਣ ਤਾਂ ਬਹੁਤ ਸਾਰੇ ਪਰਿਵਾਰ ਬਿਜਲੀ ਦੀ ਬੱਚਤ ਵੀ ਕਰਨ ਲੱਗ ਪਏ ਹਨ ਤਾਂ ਕਿ ਉਹ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈ ਸਕਣ। ਇਸ ਨਾਲ ਬਿਜਲੀ ਦੀ ਖਪਤ ਵੀ ਘਟੇਗੀ।

ਇਸ ਤੋਂ ਇਲਾਵਾ CM ਮਾਨ ਨੇ ਸੂਬੇ ਵਿੱਚ ਬਿਜਲੀ ਉਤਪਾਦਨ ਵਧਾਉਣ ਲਈ ਇੱਕ ਹੋਰ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਝਾਰਖੰਡ ਵਿੱਚ PSPCL ਨੂੰ ਅਲਾਟ ਕੀਤੀ ਗਈ ਪਚਵਾੜਾ ਨੇੜੇ ਦੀ ਖਾਣ ਚਾਲੂ ਹੋ ਗਈ ਹੈ । ਇਸ ਖਾਣ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਕੋਲੇ ਦੀ ਸਪਲਾਈ ਪੰਜਾਬ ਨੂੰ ਕੀਤੀ ਜਾਵੇਗੀ, ਜਿਸ ਨਾਲ ਬਿਜਲੀ ਦੇ ਉਤਪਾਦਨ ਵਿੱਚ ਹੋ ਵਾਧਾ ਹੋਵੇਗਾ । ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਹ ਖਾਣ 2015 ਤੋਂ ਬੰਦ ਪਈ ਸੀ ਅਤੇ ਸਾਡੀ ਸਰਕਾਰ ਨੇ ਇਸ ਨੂੰ ਚਾਲੂ ਕਰਵਾਉਣ ਲਈ ਅਣਥੱਕ ਯਤਨ ਕੀਤੇ, ਜਿਸ ਦੇ ਨਤੀਜੇ ਵਜੋਂ ਹੁਣ ਕੋਲੇ ਦੀ ਸਪਲਾਈ ਸ਼ੁਰੂ ਹੋਣ ਜਾ ਰਹੀ ਹੈ।


Leave a Comment