ਪੰਜਾਬ ਦੇ ਪਿੰਡ ਉਜਾੜ ਵਸਿਆ ਚੰਡੀਗੜ੍ਹ ਪੰਜਾਬੀਆਂ ਤੋਂ ਹੀ ਹੋਇਆ ਬੇਗਾਨਾ! ਫਿਰ ਗਰਮਾਇਆ ਵੱਖਰੀ ਵਿਧਾਨ ਸਭਾ ਦਾ ਮੁੱਦਾ Daily Post Live


ਚੰਡੀਗੜ੍ਹ : ਚੰਡੀਗੜ੍ਹ ਸ਼ਹਿਰ ਦੀ ਜਦੋਂ ਗੱਲ ਚਲਦੀ ਹੈ ਤਾਂ ਲਿਸ਼ਕਦੇ ਪੱਥਰ, ਬਾਗਾਂ ਦੀ ਸੁੰਦਰਤਾ, ਫੁੱਲਾਂ ਦੀ ਮਹਿਕ, ਸੁਖਮਣਾ ਦੇ ਪਾਣੀ ਦੀਆਂ ਛੱਲਾਂ ਆਪ ਮੁਹਾਰੇ ਸਾਡੇ ਸਾਹਮਣੇ ਆ ਜਾਂਦੀਆਂ ਹਨ। ਪਰ ਕਈਆਂ ਦੇ ਇਸ ਸੁੰਦਰਤਾ ਨੂੰ ਦੇਖ ਆਪਣਾ ਉਜਾੜਾ ਯਾਦ ਆ ਜਾਂਦਾ ਹੈ। ਜਦੋਂ ਇੱਥੇ ਮੌਜੂਦ ਪੁਆਧ ਦੇ 28 ਪਿੰਡਾਂ ਨੂੰ ਉਜਾੜਿਆ ਗਿਆ ਸੀ। ਜਦੋਂ ਉਨ੍ਹਾਂ ਦੀ ਬੋਲੀ ਨੂੰ ਆਪਣੇ ਹੀ ਘਰ ਤੋਂ ਕੱਢ ਕੇ ਬਾਹਰ ਸੁੱਟ ਦਿੱਤਾ ਸੀ। ਖੈਰ ਅੱਜ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਹੋਂਦ ‘ਚ ਆਇਆ ਉਸੇ ਚੰਡੀਗੜ੍ਹ ਅੰਦਰ ਹਰਿਆਣਾ ਵੱਲੋਂ ਵੱਖਰੀ ਵਿਧਾਨ ਸਭਾ ਬਣਾਉਣ ਲਈ ਮੰਗ ਕੀਤੀ ਜਾ ਰਹੀ ਹੈ। ਜੀ ਹਾਂ ਜਿਸ ਲਈ ਬੀਤੇ ਦਿਨੀਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਮਿਲਣ ਪਹੁੰਚੇ। ਇਸ ਮੌਕੇ ਉਨ੍ਹਾਂ ਵੱਖਰੀ ਵਿਧਾਨ ਸਭਾ ਦੀ ਮੰਗ ਰੱਖੀ। ਖੈਰ ਇਸੇ ਦਰਮਿਆਨ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਮਸਲੇ ‘ਤੇ ਪ੍ਰਤੀਕਿਰਿਆ ਦਿੱਤੀ ਗਈ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਵਿਧਾਨ ਸਭਾ ਸਪੀਕਰ ਵੱਲੋਂ ਪੰਜਾਬ ਰਾਜਪਾਲ ਨਾਲ ਇਕੱਤਰਤਾ ਕਰਕੇ ਚੰਡੀਗੜ੍ਹ ਅੰਦਰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਮੰਗਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਹੱਕ ਮਾਰਨ ਵਾਲੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਦੇ ਦਰਜਨਾਂ ਪਿੰਡ ਉਜਾੜ ਕੇ ਬਣਾਏ ਗਏ ਚੰਡੀਗੜ੍ਹ ਉੱਤੇ ਕੇਵਲ ਪੰਜਾਬ ਦਾ ਹੀ ਹੱਕ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਸੂਬੇ ਦੀ ਤਰਜਮਾਨੀ ਕਰਨ ਦੀ ਬਜਾਏ ਵਿਰੋਧ ਵਿੱਚ ਭੁਗਤ ਰਹੇ ਹਨ, ਜਿਸਦੀ ਤਸਦੀਕ ਉਨ੍ਹਾਂ ਵੱਲੋਂ ਬੀਤੇ ਦਿਨੀਂ ਕੀਤੇ ਟਵੀਟ ਤੋਂ ਹੁੰਦੀ ਹੈ।

ਦੱਸ ਦੇਈਏ ਕਿ ਇੱਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਹੱਕ ਜਤਾਉਣ ਦੀ ਬਝਾਏ ਵੱਖਰਾ ਹੀ ਅਲਾਪ ਲਗਾਇਆ ਜਾ ਰਿਹਾ ਹੈ ਅਤੇ ਨਵੇਂ ਸਿਰੇ ਤੋਂ ਜ਼ਮੀਨ ਅਲਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਦੀ ਲਗਾਤਾਰ ਨਾ ਸਿਰਫ ਸਿਆਸਤਦਾਨਾਂ ਵੱਲੋਂ ਬਲਕਿ ਹਰ ਉਸ ਬਸ਼ਿੰਦੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ  ਜਿਹੜਾ ਪੰਜਾਬ ਅਤੇ ਪੰਜਾਬੀਅਤ ਨਾਲ ਤਾਲੂਕਾਤ ਰੱਖਦਾ ਹੈ।


Leave a Comment