
ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)- ਸਾਬਕਾ ਨੌਕਰਸ਼ਾਹ ਅਰੁਣ ਗੋਇਲ ਨੂੰ ਅੱਜ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ| ਸ੍ਰੀ ਗੋਇਲ 1985 ਬੈਚ ਦੇ ਪੰਜਾਬ ਕੇਡਰ ਦੇ ਅਧਿਕਾਰੀ ਰਹੇ ਹਨ| ਉਹ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨਾਲ ਚੋਣ ਕਮਿਸ਼ਨ ਦਾ ਹਿੱਸਾ ਹੋਣਗੇ| ਸਰਕਾਰ ਨੇ ਇੱਕ ਬਿਆਨ ਰਾਹੀਂ ਅਰੁਣ ਗੋਇਲ ਦੀ ਨਿਯੁਕਤੀ ਸਬੰਧੀ ਜਾਣਕਾਰੀ ਦਿੱਤੀ ਹੈ| ਸੁਸ਼ੀਲ ਚੰਦਰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਮਈ ਮਹੀਨੇ ਸੇਵਾਮੁਕਤ ਹੋਏ ਸਨ| ਉਨ੍ਹਾਂ ਦੀ ਥਾਂ ਰਾਜੀਵ ਕੁਮਾਰ ਨਵੇਂ ਮੁੱਖ ਚੋਣ ਕਮਿਸ਼ਨਰ ਬਣੇ ਸਨ, ਜਿਨ੍ਹਾਂ ਦਾ ਕਾਰਜਕਾਲ ਫਰਵਰੀ 2025 ਤੱਕ ਹੈ| ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਮਗਰੋਂ ਸ਼੍ਰੀ ਗੋਇਲ ਅਗਲੇ ਮੁੱਖ ਚੋਣ ਕਮਿਸ਼ਨਰ ਬਣਨ ਦੀ ਕਤਾਰ ਵਿਚ ਸ਼ਾਮਲ ਹੋ ਜਾਣਗੇ| ਮੌਜੂਦਾ ਸਮੇਂ ਸ਼੍ਰੀ ਗੋਇਲ ਦਾ ਕਾਰਜਕਾਲ ਦਸੰਬਰ 2027 ਤੱਕ ਹੈ|
