
-ਹੰਸਰਾਜ ਹੰਸ ਤੇ ਗਾਇਕ ਮਲਕੀਅਤ ਸਿੰਘ ਨੇ ਚੰਗਾ ਰੰਗ ਬੰਨ੍ਹਿਆ
ਸਿਆਟਲ, 16 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ ਦੇ ਪ੍ਰੋਮੋਟਰ ਬਲਵਿੰਦਰ ਸਿੰਘ ਬਾਜਵਾ ਤੇ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਦੇ ਹੋਣਹਾਰ ਸਪੁੱਤਰ ਡਾ. ਕੰਵਰਦੀਪ ਸਿੰਘ ਦੀ ਸ਼ਾਦੀ ਮਨੋਹਰ ਭਾਟੀਆ ਤੇ ਸ਼੍ਰੀਮਤੀ ਅਨੀਤਾ ਭਾਟੀਆ ਦੀ ਸਪੁੱਤਰੀ ਜੈਨੀ ਨਾਲ ਲਾਸ ਏਂਜਲਸ ਦੇ ਸ਼ਾਨਦਾਰ ਹੋਟਲ ਹਾਈਤ ਰੀਜੈਂਸੀ (ਲੌਂਗ ਬੀਚ) ਵਿਚ ਸਜਾਏ ਸੁੰਦਰ ਹਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰਮਰਿਯਾਦਾ ਅਨੁਸਾਰ ਹੋਈ। ਜਿੱਥੇ ਪਦਮ ਸ਼੍ਰੀ ਹੰਸਰਾਜ ਹੰਸ ਨੇ ਕੀਰਤਨ ਰਾਹੀਂ ਸੁਰੀਲੀ ਆਵਾਜ਼ ਨਾਲ ਹਾਜ਼ਰੀ ਲਗਵਾਈ।

ਨਿਊਯਾਰਕ ਦੇ ਬਰੌਂਸ਼ ਇਲਾਕੇ ਵਿਚ ਮੋਰੀਨਾ ਬੈਂਕੁਇਟ ਹਾਲ ਵਿਚ ਦੇਸ਼-ਵਿਦੇਸ਼ ਅਤੇ ਨਿਊਯਾਰਕ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਪਹੁੰਚ ਕੇ ਨਵਜੋੜੀ ਡਾ. ਕੰਵਰਦੀਪ ਸਿੰਘ ਤੇ ਜੈਨੀ ਬਾਜਵਾ ਨੂੰ ਆਸ਼ੀਰਵਾਦ ਦਿੱਤਾ। ਨਿਊਯਰਕ ਦੇ ਪਹੁੰਚੇ ਪਤਵੰਤਿਆਂ ਨੇ ਖੂਬ ਭੰਗੜੇ ਪਾਏ। ਪ੍ਰਸਿੱਧ ਗਾਇਕ ਮਲਕੀਅਤ ਸਿੰਘ ਨੇ ਚੰਗਾ ਰੰਗ ਬੰਨ੍ਹਿਆ ਤੇ ਸਭ ਨੂੰ ਝੂਮਣ ਲਾ ਦਿੱਤਾ।ਬਲਵਿੰਦਰ ਸਿੰਘ ਬਹੁਤ ਸਾਊ ਤੇ ਮਿਲਣਸਾਰ ਇਨਸਾਨ ਹਨ, ਜਿਸ ਨੇ ਚੋਟੀ ਦੇ ਕਲਾਕਾਰ ਲਿਆ ਕੇ ਪੰਜਾਬੀ ਸੱਭਿਆਚਾਰ ਦੀ 25 ਸਾਲ ਸੇਵਾ ਕੀਤੀ ਹੈ, ਜਿਨ੍ਹਾਂ ਨੂੰ ਨਿਊਯਰਕ ਦੇ ਪਤਵੰਤਿਆਂ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
