
ਓਟਵਾ, 17 ਨਵੰਬਰ (ਪੰਜਾਬ ਮੇਲ)- 2023 ਲਈ ਇਸ ਹਫਤੇ ਜਾਰੀ ਹੋਈ ਦਰਜਾਬੰਦੀ ਦੇ ਹਿਸਾਬ ਨਾਲ ਕੈਨੇਡਾ ਦੇ ਪੰਜ ਸ਼ਹਿਰਾਂ ਨੂੰ ਦੁਨੀਆਂ ਭਰ ਦੇ ਸ਼ਹਿਰਾਂ ਵਿਚੋਂ ਬਿਹਤਰੀਨ ਦੱਸਿਆ ਗਿਆ ਹੈ।
ਜਿਨ੍ਹਾਂ ਸ਼ਹਿਰਾਂ ਦੀ ਇਥੇ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਆਬਾਦੀ ਇਕ ਮਿਲੀਅਨ ਤੋਂ ਜ਼ਿਆਦਾ ਹੈ। ਬੀ. ਸੀ. ਦੀ ਇਕ ਮਾਰਕੀਟਿੰਗ ਕੰਸਲਟੈਂਸੀ ਰੈਜ਼ੋਨੈਂਸ ਕੰਸਲਟੈਂਸੀ ਦੀ ਵਰਲਡਜ਼ ਬੈਸਟ ਸਿਟੀਜ਼ ਰਿਪੋਰਟ ਅਨੁਸਾਰ ਇਨ੍ਹਾਂ ਸ਼ਹਿਰਾਂ ਵਿਚ ਟੋਰਾਂਟੋ, ਮਾਂਟਰੀਅਲ, ਕੈਲਗਰੀ, ਵੈਨਕੂਵਰ ਤੇ ਓਟਵਾ ਪਹਿਲੇ 100 ਸ਼ਹਿਰਾਂ ਵਿਚ ਸ਼ਾਮਲ ਹਨ। ਇਸ ਸੂਚੀ ਨੂੰ ਜਾਰੀ ਕਰਨ ਵਾਲਿਆਂ ਨੇ ਦੱਸਿਆ ਕਿ ਇਹ ਦਰਜਾਬੰਦੀ ਵੱਡੇ ਪੱਧਰ ਉੱਤੇ ਕਈ ਕਾਰਕਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ। ਇਨ੍ਹਾਂ ਲਈ ਮੁੱਖ ਤੌਰ ਉੱਤੇ ਰੋਜ਼ਗਾਰ ਮੁਹੱਈਆ ਕਰਵਾਉਣਾ, ਨਿਵੇਸ਼ ਤੇ ਟੂਰਿਜ਼ਮ ਆਦਿ ਵਰਗੇ ਕਾਰਕ ਜ਼ਿੰਮੇਵਾਰ ਹੁੰਦੇ ਹਨ।
ਵੰਨ-ਸੁਵੰਨਤਾ, ਐਜੂਕੇਸ਼ਨ ਤੇ ਵੱਡੀਆਂ ਕੰਪਨੀਆਂ ਦੇ ਹੈੱਡ ਆਫਿਸ ਦੀ ਵੱਡੀ ਗਿਣਤੀ ਇਨ੍ਹਾਂ ਸ਼ਹਿਰਾਂ ਵਿਚ ਹੋਣਾ ਵੀ ਇਸ ਦਾ ਵੱਡਾ ਕਾਰਨ ਹੈ ਕਿ ਟੋਰਾਂਟੋ ਨੂੰ ਕੈਨੇਡਾ ਦਾ ਬਿਹਤਰੀਨ ਤੇ ਦੁਨੀਆਂ ਦਾ 24ਵਾਂ ਬਿਹਤਰੀਨ ਸ਼ਹਿਰ ਦੱਸਿਆ ਗਿਆ ਹੈ। ਮਾਂਟਰੀਅਲ, ਜੋ ਕਿ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਵਿਚ ਆਮਦਨ ਦੀ ਬਰਾਬਰੀ, ਸੱਭਿਆਚਾਰ ਤੇ ਮੈਕਗਿਲ ਯੂਨੀਵਰਸਿਟੀ ਦੇ ਨਾਲ-ਨਾਲ ਟੈਕਨੀਕਲ ਪੱਖੋਂ ਮੁਹਾਰਤ ਵਿਦੇਸ਼ੀ ਨਿਵੇਸ਼ ਖਿੱਚਣ ਲਈ ਕਾਫੀ ਹੈ ਅਤੇ ਇਸ ਨੂੰ 56ਵਾਂ ਦਰਜਾ ਦਿੱਤਾ ਗਿਆ ਹੈ।
ਕੈਲਗਰੀ 65ਵੇਂ ਸਥਾਨ ਉੱਤੇ ਆਇਆ ਹੈ। ਇਸ ਪਿੱਛੇ ਇਥੋਂ ਦੀ ਨੌਜਵਾਨ ਆਬਾਦੀ, ਸਿੱਖਿਆ ਤੱਕ ਪਹੁੰਚ, ਆਮਦਨ ਵਿਚ ਸਮਾਨਤਾ ਤੇ ਜ਼ਿੰਦਗੀ ਦਾ ਬਿਹਤਰੀਨ ਮਿਆਰ ਜ਼ਿੰਮੇਵਾਰ ਹਨ। ਮੈਟਰੋ ਵੈਨਕੂਵਰ ਨੂੰ ਇਸ ਸੂਚੀ ਵਿਚ 69ਵੇਂ ਸਥਾਨ ਉੱਤੇ ਰੱਖਿਆ ਗਿਆ ਹੈ। ਇਥੇ ਆਮਦਨ ਦੀ ਬਰਾਬਰੀ, ਬਿਹਤਰੀਨ ਯੂਨੀਵਰਸਿਟੀ, ਸੇਫਟੀ ਤੇ ਕੁਦਰਤੀ ਨਜ਼ਾਰਿਆਂ ਕਾਰਨ ਵੈਨਕੂਵਰ 100 ਸੁਹਣੇ ਸ਼ਹਿਰਾਂ ਵਿਚ ਆਪਣੀ ਥਾਂ ਬਣਾ ਸਕਿਆ। ਕੈਨੇਡਾ ਦੀ ਰਾਜਧਾਨੀ ਓਟਵਾ ਨੂੰ ਸਿੱਖਿਆ, ਰਹਿਣੀ-ਸਹਿਣੀ ਲਈ ਘੱਟ ਖਰਚੇ ਤੇ ਰੋਜ਼ਗਾਰ ਦੀ ਉਪਲੱਬਧਤਾ ਕਾਰਨ ਬਿਹਤਰੀਨ ਸ਼ਹਿਰਾਂ ਵਿਚ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ਵਿਚ ਲੰਡਨ ਪਹਿਲਾ ਸਥਾਨ ਹਾਸਲ ਕਰਨ ‘ਚ ਕਾਮਯਾਬ ਰਿਹਾ। ਇਸ ਤੋਂ ਬਾਅਦ ਦੁਨੀਆਂ ਦੇ ਪਹਿਲੇ 10 ਸ਼ਹਿਰਾਂ ਵਿਚ ਪੈਰਿਸ, ਨਿਊਯਾਰਕ, ਟੋਕੀਓ, ਦੁਬਈ, ਬਾਰਸਲੋਨਾ, ਰੋਮ, ਮੈਡਰਿਡ, ਸਿੰਗਾਪੁਰ ਤੇ ਐਮਸਟਰਡਮ ਸ਼ਾਮਲ ਹਨ।
