
ਨਵੀਂ ਦਿੱਲੀ, 18 ਨਵੰਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਕੇਂਦਰ ਦੀ ਅਗਨੀਪੱਥ ਯੋਜਨਾ ਨੂੰ ਸਿੱਧੀ ਚੁਣੌਤੀ ਨਾਲ ਸਬੰਧਿਤ ਪਟੀਸ਼ਨਾਂ ’ਤੇ ਪਹਿਲਾਂ ਸੁਣਵਾਈ ਕਰੇਗੀ, ਜਦੋਂਕਿ ਪਹਿਲਾਂ ਦਿੱਤੇ ਇਸ਼ਤਿਹਾਰਾਂ ਦੇ ਆਧਾਰ ’ਤੇ ਹਥਿਆਰਬੰਦ ਬਲਾਂ ਵਿਚ ਭਰਤੀ ਪ੍ਰਕਿਰਿਆ ਨਾਲ ਜੁੜੇ ਫਿਕਰਾਂ ਬਾਰੇ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ।
ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਮਣੀਅਮ ਪ੍ਰਸਾਦ ਦੇ ਬੈਂਚ ਨੇ ਕਿਹਾ ਕਿ ਇਸ ਯੋਜਨਾ ਨੂੰ ਚੁਣੌਤੀਆਂ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ 12 ਦਸੰਬਰ ਨੂੰ ਕੀਤੀ ਜਾਵੇਗੀ। ਬੈਂਚ ਨੇ ਵਧੀਕ ਸੌਲਿਸਟਰ ਜਨਰਲ ਐਸ਼ਵਰਿਆ ਭੱਟੀ ਨੂੰ ਅਗਨੀਪੱਥ ਯੋਜਨਾ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਅਤੇ ਪਹਿਲਾਂ ਦਿੱਤੇ ਇਸ਼ਤਿਹਾਰਾਂ ਤਹਿਤ ਹਥਿਆਰਬੰਦ ਬਲਾਂ ਵਿਚ ਭਰਤੀ ਪ੍ਰਕਿਰਿਆ ਨਾਲ ਜੁੜੇ ਫਿਕਰਾਂ ਬਾਰੇ ਪਟੀਸ਼ਨਾਂ ਵੱਖ-ਵੱਖ ਕਰਨ ਅਤੇ ਇਸ ਸਬੰਧੀ ਅਦਾਲਤ ਵਿਚ ਖਾਕਾ ਦਾਇਰ ਕਰਨ ਦਾ ਆਦੇਸ਼ ਦਿੱਤਾ ਹੈ।
