
ਵੈਨਕੂਵਰ, 20 ਨਵੰਬਰ (ਹਰਦਮ ਮਾਨ/ਪੰਜਾਬ ਮੇਲ)– ਡੇਵਿਡ ਈਬੀ ਨੇ ਅੱਜ ਵੈਨਕੂਵਰ ਵਿਖੇ ਮਸਕੀਮ ਕਮਿਊਨਿਟੀ ਸੈਂਟਰ ਦੇ ਜਿਮਨੇਜ਼ੀਅਮ ਵਿਚ ਬੀ.ਸੀ. ਦੇ ਪ੍ਰੀਮੀਅਰ ਵਜੋਂ ਹਲਫ਼ ਲਿਆ। ਫਸਟ ਨੇਸ਼ਨ ਦੀ ਅਗਵਾਈ ਵਾਲੇ ਇਸ ਸਮਾਰੋਹ ਵਿੱਚ ਉਨ੍ਹਾਂ ਨੂੰ ਬੀਸੀ ਦੇ ਲੈਫਟੀਨੈਂਟ ਜਨਰਲ ਜੈਨੇਟ ਆਸਟਿਨ ਨੇ ਸਹੁੰ ਚੁਕਾਈ। ਬੀਸੀ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪ੍ਰੀਮੀਅਰ ਦੇ ਸਹੁੰ ਚੁੱਕ ਸਮਾਗਮ ਦੀ ਮੇਜ਼ਬਾਨੀ ਫਸਟ ਨੇਸ਼ਨ ਵੱਲੋਂ ਕੀਤੀ ਗਈ। ਇਸ ਸਮਾਗਮ ਵਿਚ ਪ੍ਰੀਮੀਅਰ ਦਾ ਅਹੁਦਾ ਛੱਡ ਰਹੇ ਜੌਨ ਹੌਰਗਨ ਵੀ ਹਾਜ਼ਰ ਸਨ ਅਤੇ ਉਨ੍ਹਾਂ ਇਸ ਮੌਕੇ ਡੇਵਿਡ ਈਬੀ ਨੂੰ ਮੁਬਾਰਕਬਾਦ ਦਿੱਤੀ। ਡੇਵਿਡ ਈਬੀ ਨੇ ਵੀ ਆਪਣੇ ਸੰਬੋਧਨ ਦੌਰਾਨ ਜੌਨ ਹੌਰਗਨ ਪ੍ਰਤੀ ਆਪਣਾ ਸਤਿਕਾਰ ਪੇਸ਼ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।
ਸਹੁੰ ਚੁੱਕਣ ਉਪਰੰਤ ਬੀਸੀ ਦੇ 37ਵੇਂ ਪ੍ਰੀਮੀਅਰ ਬਣੇ ਡੇਵਿਡ ਈਬੀ ਨੇ ਲੋਕ ਸਮੱਸਿਆਵਾਂ ਦੇ ਹੱਲ ਪ੍ਰਤੀ ਆਪਣੀ ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ ਬੀਸੀ ਵਾਸੀਆਂ ਨੂੰ ਦੋ ਟੈਕਸ ਕ੍ਰੈਡਿਟ ਦੇਣ ਦਾ ਐਲਾਨ ਕੀਤਾ ਤਾਂ ਜੋ ਮਹਿੰਗਾਈ ਦੇ ਇਸ ਦੌਰ ‘ਚੋਂ ਗੁਜ਼ਰ ਰਹੇ ਆਮ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਦਸੰਬਰ ਦੇ ਹਾਈਡਰੋ ਬਿੱਲ ਵਿਚ ਇੱਕ ਵਾਰੀ 100 ਡਾਲਰ ਦੀ ਲਿਵਿੰਗ ਕ੍ਰੈਡਿਟ ਦੀ ਲਾਗਤ ਆਟੋਮੈਟਿਕ ਹੀ ਲਾਗੂ ਹੋ ਜਾਵੇਗੀ। ਦੂਜਾ ਕ੍ਰੈਡਿਟ 150,051 ਡਾਲਰ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਅਫੋਰਡਬਿਲਿਟੀ ਕ੍ਰੈਡਿਟ ਹੋਵੇਗਾ ਜੋ ਕੈਨੇਡਾ ਰੈਵੇਨਿਊ ਏਜੰਸੀ ਦੁਆਰਾ ਜਾਰੀ ਕੀਤਾ ਜਾਵੇਗਾ ਅਤੇ ਇਸ ਦਾ ਭੁਗਤਾਨ ਜਨਵਰੀ ਦੇ ਸ਼ੁਰੂ ਵਿੱਚ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ ਡੇਵਿਡ ਈਬੀ 21 ਅਕਤੂਬਰ 2022 ਨੂੰ ਬੀਸੀ ਐਨਡੀਪੀ ਦੇ ਪ੍ਰਧਾਨ ਚੁਣੇ ਗਏ ਸਨ। ਬੀਸੀ ਕੈਬਨਿਟ ਵਿੱਚ ਆਪਣੇ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਰਾਜਨੀਤਕ ਲੋਕਾਂ ਨੂੰ ਕਾਰਪੋਰੇਟ ਦਾਨ ‘ਤੇ ਪਾਬੰਦੀ ਲਾਉਣ, ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰਨ, ਆਈਸੀਬੀਸੀ ਦੀ ਓਵਰਹਾਲਿੰਗ ਕਰਨ ਅਤੇ ਸਥਾਨਕ ਸਰਕਾਰਾਂ ਉਪਰ ਕਿਫਾਇਤੀ ਮਕਾਨਾਂ ਨੂੰ ਮਨਜ਼ੂਰੀ ਦੇਣ ਲਈ ਦਬਾਅ ਪਾਉਣ ਵਰਗੇ ਮੁੱਦਿਆਂ ਉਪਰ ਸ਼ਲਾਘਾਯੋਗ ਕਾਰਜ ਕਰਕੇ ਲੋਕਾਂ ਵਿਚ ਇਕ ਦ੍ਰਿੜ ਆਗੂ ਵਜੋਂ ਪਛਾਣ ਬਣਾਈ। ਡੇਵਿਡ ਈਬੀ ਨੇ 2013 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ ਜਦੋਂ ਉਨ੍ਹਾਂ ਵੈਨਕੂਵਰ-ਪੁਆਇੰਟ ਗ੍ਰੇ ਰਾਈਡਿੰਗ ਵਿੱਚ ਤਤਕਾਲੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਉਹ ਪੀਵੋਟ ਲੀਗਲ ਸੋਸਾਇਟੀ ਦੁਆਰਾ ਡਾਊਨਟਾਊਨ ਈਸਟਸਾਈਡ ‘ਤੇ ਲੋਕਾਂ ਲਈ ਲੜਨ ਵਾਲੇ ਅਤੇ ਬੀ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਸਰਕਾਰ ਅਤੇ ਪੁਲਿਸ ਦੀਆਂ ਵਧੀਕੀਆਂ ਵਿਰੁੱਧ ਬੋਲਣ ਵਾਲੇ ਇਕ ਸਿਵਲ ਰਾਈਟਸ ਵਕੀਲ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਡੇਵਿਡ ਈਬੀ ਦੇ ਮੰਤਰੀ ਮੰਡਲ ਨੂੰ 7 ਦਸੰਬਰ 2022 ਨੂੰ ਵਿਕਟੋਰੀਆ ਵਿਖੇ ਗੌਰਮਿੰਟ ਹਾਊਸ ਵਿੱਚ ਸਹੁੰ ਚੁਕਾਈ ਜਾਵੇਗੀ।
