ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਬੱਬੂ ਮਾਨ! ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਗਈ ਸੁਰੱਖਿਆ Daily Post Live


ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਬੱਬੂ ਮਾਨ! ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਗਈ ਸੁਰੱਖਿਆ

ਚੰਡੀਗੜ੍ਹ: ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ‘ਤੇ ਗੈਂਗਸਟਰਾਂ ਦਾ ਸਾਇਆ ਬਰਕਰਾਰ ਹੈ। ਵੀਆਈਪੀਜ਼ ਅਤੇ ਪੰਜਾਬੀ ਗਾਇਕਾਂ ਨੂੰ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਨੂੰ ਖਤਰਾ ਹੈ। ਪੁਲਿਸ ਨੂੰ ਬੰਬੀਹਾ ਗੈਂਗ ਵੱਲੋਂ ਹਮਲੇ ਦੀ ਸਾਜ਼ਿਸ਼ ਰਚਨ ਦਾ ਸ਼ੱਕ ਹੈ।

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੂੰ ਖੁਫੀਆ ਏਜੰਸੀ ਰਾਹੀਂ ਬੱਬੂ ਮਾਨ ਬਾਰੇ ਕੁਝ ਇਨਪੁਟ ਮਿਲੇ ਹਨ। ਜਿਸ ਤਹਿਤ ਮੋਹਾਲੀ ‘ਚ ਬੱਬੂ ਮਾਨ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੱਬੂ ਮਾਨ ਦਾ ਫੈਨ ਬਣ ਕੇ ਕੋਈ ਨੌਜਵਾਨ ਉਸ ਨੂੰ ਆਪਣਾ ਨਿਸ਼ਾਨਾ ਬਣਾ ਸਕਦਾ ਹੈ। ਇਸ ਤਹਿਤ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਮੋਹਾਲੀ ਪੁਲਿਸ ਦੇ ਅਧਿਕਾਰੀ ਵੀ ਜਾਇਜ਼ਾ ਲੈਣ ਲਈ ਬੱਬੂ ਮਾਨ ਦੇ ਘਰ ਪਹੁੰਚ ਗਏ ਹਨ।

ਦੱਸ ਦੇਈਏ ਕਿ ਹਾਲ ਹੀ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦਾ ਅੰਮ੍ਰਿਤਸਰ ‘ਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ, ਜਦਕਿ ਡੇਰਾ ਪ੍ਰੇਮੀ ਪ੍ਰਦੀਪ ਦਾ ਕੋਟਕਪੂਰਾ ‘ਚ ਕਤਲ ਕਰ ਦਿੱਤਾ ਗਿਆ ਸੀ।

ਉਥੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਗੈਂਗਸਟਰਾਂ ਦਾ ਖੌਫ ਵੀ ਪੰਜਾਬ ਵਿੱਚ ਕਾਫੀ ਵੱਧ ਗਿਆ ਹੈ। ਸਿੱਧੂ ਮੂਸੇਵਾਲਾ ਨੂੰ ਵੀ ਕਈ ਧਮਕੀਆਂ ਵੀ ਮਿਲੀਆਂ ਸਨ ਪਰ ਸਿੱਧੂ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੂਸੇਵਾਲਾ ਦੇ ਇਸ ਰਵੱਈਏ ਤੋਂ ਗੈਂਗਸਟਰ ਕਾਫੀ ਨਾਰਾਜ਼ ਸਨ। ਇਸ ਤੋਂ ਬਾਅਦ ਉਹ ਉਨ੍ਹਾਂ ਦੀ ਹਿੱਟ ਲਿਸਟ ‘ਚ ਆ ਗਿਆ। ਮੂਸੇਵਾਲਾ ਦਾ ਕਤਲ ਵੀ ਗੈਂਗਸਟਰਾਂ ਵੱਲੋਂ ਸਕਿਓਰਿਟੀ ਘਟਾਉਣ ਦੇ ਅਗਲੇ ਹੀ ਦਿਨ ਕਰ ਦਿੱਤਾ ਗਿਆ ਸੀ।

ਬਾਲੀਵੁੱਡ ਵਾਂਗ ਹੁਣ ਪਾਲੀਵੁੱਡ ‘ਚ ਵੀ ਦਾਊਦ ਕਲਚਰ ਸ਼ੁਰੂ ਹੋ ਗਿਆ ਹੈ। ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਪੰਜਾਬ ਫਿਲਮ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਤੇ ਗਾਇਕਾਂ ਤੋਂ ਫਿਰੌਤੀ ਦੀ ਮੰਗ ਕਰ ਰਹੇ ਹਨ। ਜਿਸ ਤਰ੍ਹਾਂ ਪੰਜਾਬ ਦਾ ਪਾਲੀਵੁੱਡ ਦੇਸ਼ ਅਤੇ ਦੁਨੀਆ ‘ਚ ਆਪਣੀ ਪਕੜ ਬਣਾ ਰਿਹਾ ਹੈ, ਉਸੇ ਤਰ੍ਹਾਂ ਹੀ ਪੰਜਾਬ ਦੀ ਇਹ ਫਿਲਮ ਇੰਡਸਟਰੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਆ ਰਹੀ ਹੈ। ਪੰਜਾਬ ਫਿਲਮ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਅਤੇ ਗਾਇਕਾਂ ਨੂੰ ਗੈਂਗਸਟਰ ਲਗਾਤਾਰ ਧਮਕੀਆਂ ਦਿੰਦੇ ਰਹਿੰਦੇ ਹਨ।


ਪੋਸਟ ਵਿਯੂਜ਼:
9

Leave a Comment