
-ਸਰਕਾਰ ’ਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਖ਼ਿਲਾਫ਼ ਦੁਰਪ੍ਰਚਾਰ ਕਰਨ ਦੇ ਦੋਸ਼
ਫ਼ਰੀਦਕੋਟ, 19 ਨਵੰਬਰ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅੱਜ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਇੱਥੇ ਮਰਨ ਵਰਤ ’ਤੇ ਬੈਠ ਗਏ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀ ਨੇ ਪਿਛਲੇ ਇੱਕ ਹਫ਼ਤੇ ਤੋਂ ਸ੍ਰੀਨਗਰ ਤੋਂ ਰਾਜਸਥਾਨ ਤੱਕ ਜਾਣ ਵਾਲੇ ਹਾਈਵੇਅ ਨੰਬਰ-54 ’ਤੇ ਫ਼ਰੀਦਕੋਟ ਵਿਚ ਆਵਾਜਾਈ ਰੋਕੀ ਹੋਈ ਸੀ| ਅੱਜ ਦੁਪਹਿਰ 12 ਵਜੇ ਜਗਜੀਤ ਡੱਲੇਵਾਲ ਦੀ ਅਗਵਾਈ ਹੇਠ ਬਣੇ ਸੰਯੁਕਤ ਕਿਸਾਨ ਮੋਰਚੇ ਦੀ ਇੱਥੇ ਮੀਟਿੰਗ ਹੋਈ, ਜਿਸ ਵਿਚ ਪੰਜਾਬ ਦੀਆਂ ਅੱਧੀ ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ| ਮੀਟਿੰਗ ਦੌਰਾਨ ਡੱਲੇਵਾਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਹਾਲੇ ਤੱਕ ਲਾਗੂ ਨਹੀਂ ਕੀਤੀਆਂ ਹਨ, ਜਿਨ੍ਹਾਂ ਨੂੰ ਮੰਨਵਾਉਣ ਲਈ ਉਹ ਮਰਨ ਵਰਤ ’ਤੇ ਬੈਠ ਰਹੇ ਹਨ| ਇਸ ਮੌਕੇ ਕਿਸਾਨ ਆਗੂ ਚਰਨਜੀਤ ਸਿੰਘ ਸੁੱਖਣਵਾਲਾ, ਹਰਜਿੰਦਰ ਸਿੰਘ, ਸਾਧੂ ਸਿੰਘ, ਬਲਦੇਵ ਸਿੰਘ ਸਿਰਸਾ ਤੇ ਅੰਗਰੇਜ਼ ਸਿੰਘ ਗੋਲੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਖ਼ਿਲਾਫ਼ ਦੁਰਪ੍ਰਚਾਰ ਕਰ ਰਹੀ ਹੈ|
