
ਤਲਵੰਡੀ ਸਾਬੋ, 17 ਨਵੰਬਰ (ਪੰਜਾਬ ਮੇਲ)- ਇਥੇ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਵਿਖੇ ਦੋ ਯੁਵਾ ਕਵੀਆਂ ਦੇ ਸਾਂਝੇ ਕਾਵਿ ਸੰਗ੍ਰਹਿ ‘ਅੱਧੇ ਲੋਕ’ ਦਾ ਲੋਕ ਅਰਪਣ ਕੀਤਾ ਗਿਆ। ਇਹ ਕਾਵਿ ਕਿਤਾਬ ਕੈਂਪਸ ਦੇ ਦੋ ਵਿਦਿਆਰਥੀਆਂ ਅਰਸ਼ਦੀਪ ਸਮਾਘ ਅਤੇ ਕਰਨਦੀਪ ਸੋਨੀ ਵੱਲੋਂ ਸਾਂਝੇ ਤੌਰ ਤੇ ਲਿਖੀ ਗਈ ਹੈ, ਜੋ ਕ੍ਰਮਵਾਰ ਬੀਏ ਅਤੇ ਐਮਏ ਪੰਜਾਬੀ ਦੇ ਵਿਦਿਆਰਥੀ ਹਨ। ਕੈੰਪਸ ਦੇ ਸੈਮੀਨਾਰ ਹਾਲ ਵਿੱਚ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਪਰਮਜੀਤ ਰਮਾਣਾ ਨੇ ਕੀਤੀ, ਜਦਕਿ ਅਕਾਲ ਯੂਨੀਵਰਸਿਟੀ ਤੋਂ ਪ੍ਰੋ. ਨਵ ਸੰਗੀਤ ਸਿੰਘ ਨੇ ਪੁਸਤਕ ਤੇ ਵਿਸਤ੍ਰਿਤ ਪਰਚਾ ਪੜ੍ਹਿਆ। ਪ੍ਰਧਾਨਗੀ ਮੰਡਲ ਵਿੱਚ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਦੇ ਮੁਖੀ ਡਾ ਸੁਸ਼ੀਲ ਕੁਮਾਰ, ਪ੍ਰੋ. ਨਵ ਸੰਗੀਤ ਸਿੰਘ, ਪ੍ਰੋ. ਪਰਮਜੀਤ ਰਮਾਣਾ, ਸਿਮਰਨ ਅਕਸ ਤੇ ਪ੍ਰੋ. ਮਿਸਿਜ਼ ਰਮਾਣਾ ਸ਼ਾਮਲ ਸਨ। ਮੰਚ ਸੰਚਾਲਨ ਡਾ ਮਨਮਿੰਦਰ ਕੌਰ ਨੇ ਕੀਤਾ ।

