ਅਮਿਤ ਸ਼ਾਹ ਦੇ ਬਿਆਨ ‘ਤੇ ਮੀਤ ਹੇਅਰ ਦਾ ਪਲਟਵਾਰ,ਪੇਸ਼ ਕਰਤੇ ਸਾਰੇ ਦੇਸ਼ ਦੇ ਅੰਕੜੇ Daily Post Live

ਚੰਡੀਗੜ੍ਹ : ਪੰਜਾਬ ਸਰਕਾਰ ਦੇ 8 ਮਹੀਨੇ ਪੂਰੇ ਹੋਣ ‘ਤੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਮੀਡੀਆ ਨੂੰ ਸੰਬੋਧਨ ਕੀਤਾ ਹੈ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਪੰਜਾਬ ਨਾਲ ਜੁੜੇ ਹਰ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਹੈ।

ਪੰਜਾਬ ਸਰਕਾਰ ਵਲੋਂ ਲਾਇਸੈਂਸਾਂ ਦਾ ਰੀਵੀਊ ਕਰਨ ਦਾ ਫੈਸਲਾ ਲਿਆ ਗਿਆ ਹੈ ।ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਆਪ ਅੱਗੇ ਆ ਕੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਮੀਤ ਹੇਅਰ ਨੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਜਦੋਂ ਤੋਂ ਪੰਜਾਬ ਵਿੱਚ ਆਪ ਸਰਕਾਰ ਬਣੀ ਹੈ ਤੇ ਗੁਜਰਾਤ ਵਿੱਚ ਆਪ ਪੱਖੀ ਹਵਾ ਚੱਲਣ ਲੱਗੀ ਹੈ ,ਉਦੋਂ ਤੋਂ ਇਹ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਿੱਧਾ ਨਿਸ਼ਾਨਾ ਲਾਉਂਦੇ ਹੋਏ ਮੀਤ ਹੇਅਰ ਨੇ ਤੱਥ ਪੇਸ਼ ਕੀਤੇ ਹਨ ਤੇ ਕਿਹਾ ਹੈ ਕਿ ਜੋ ਵੀ ਪੰਜਾਬ ਨੂੰ ਬਦਨਾਮ ਕਰਨ ਲਈ ਕਿਹਾ ਜਾ ਰਿਹਾ ਹੈ ,ਇਹ ਸਾਰੇ ਤੱਥ ਉਸ ਤੋਂ ਉਲਟ ਹਾਲਾਤ ਬਿਆਨ ਕਰ ਰਹੇ ਹਨ।

ਉਹਨਾਂ ਕੁੱਝ ਰਿਪੋਰਟਾਂ ਮੀਡੀਆ ਸਾਹਮਣੇ ਰਖੀਆਂ ਹਨ ਤੇ ਕਿਹਾ ਹੈ ਕਿ ਪੰਜਾਬ ‘ਤੇ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਥੇ ਹਥਿਆਰਾਂ ਦੀ ਦੁਰਵਰਤੋਂ ਸਭ ਤੋਂ ਵੱਧ ਹੁੰਦੀ ਹੈ ਪਰ ਅੰਕੜੇ ਦਸਦੇ ਹਨ ਕਿ ਪਿਛਲੇ 4 ਸਾਲਾਂ ਵਿੱਚ ਜਿਥੇ ਪੰਜਾਬ ਵਿੱਚ 1820 ਮਾਮਲੇ ਸਾਹਮਣੇ ਆਏ ਹਨ,ਉਥੇ ਉੱਤਰ ਪ੍ਰਦੇਸ਼ ਵਿੱਚ 1 ਲੱਖ 34 ਹਜ਼ਾਰ 958 ਮਾਮਲੇ ਦਰਜ ਹੋਏ ਹਨ।

ਇਸ ਤੋਂ ਇਲਾਵਾ ਰੋਜਾਨਾ ਦਰਜ ਹੋਏ ਮਾਮਲਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਬਹੁਤ ਘੱਟ ਹਨ ਤੇ ਇਹ ਔਸਤ ਪਿਛਲੇ ਕਈ ਸਾਲਾਂ ਦੀ ਹੈ,ਇਹ ਅੰਕੜੇ ਦੱਸ ਰਹੇ ਹਨ ਪਰ ਬਦਨਾਮੀ ਫਿਰ ਵੀ ਪੰਜਾਬ ਨੂੰ ਹੀ ਦਿੱਤੀ ਜਾਂਦੀ ਹੈ।
ਉਹਨਾਂ ਸਿਧੇ ਤੇ ਸਾਫ ਸ਼ਬਦਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਹੈ ਕਿ ਪੰਜਾਬ ਨੂੰ ਬੇਵਜਾ ਬਦਨਾਮ ਨਾ ਕੀਤਾ ਜਾਵੇ।ਕੋਈ ਵੀ ਗੱਲ ਕਰਨ ਤੋਂ ਪਹਿਲਾਂ ਹੋਰਨਾਂ ਸੂਬਿਆਂ ਦੇ ਅੰਕੜਿਆਂ ਨੂੰ ਵੀ ਦੇਖ ਲਿਆ ਜਾਵੇ।

ਇੱਕ ਸਵਾਲ ਦੇ ਜੁਆਬ ਵਿੱਚ ਮੀਤ ਹੇਅਰ ਨੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਕਿਤੇ 5-7 ਮਹੀਨਿਆਂ ਵਿੱਚ ਪੈਦਾ ਨਹੀਂ ਹੋਏ ਹਨ । ਇਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਜਾਣ ਬੁਝ ਕੇ ਪੰਜਾਬ ਵਿੱਚ ਅਜਿਹੇ ਹਾਲਾਤ ਬਣਾਏ ਗਏ ਤਾਂ ਜੋ ਗੈਂਗਸਟਰ ਪੈਦਾ ਹੋਣ । ਪਰ ਹੁਣ ਪੰਜਾਬ ਸਰਕਾਰ ਇਹਨਾਂ ਪ੍ਰਤੀ ਸਖ਼ਤ ਰੁਖ ਅਪਨਾ ਰਹੀ ਹੈ।

Leave a Comment