
-ਰਿਫੰਡ ‘ਚ ਹੱਦੋਂ ਵੱਧ ਦੇਰੀ ਕਾਰਨ 14 ਲੱਖ ਡਾਲਰ ਡਾਲਰ ਜੁਰਮਾਨੇ ਵਜੋਂ ਅਦਾ ਕਰਨ ਲਈ ਵੀ ਕਿਹਾ
ਵਾਸ਼ਿੰਗਟਨ, 16 ਨਵੰਬਰ (ਪੰਜਾਬ ਮੇਲ)- ਅਮਰੀਕਾ ਨੇ ਹਵਾਈ ਉਡਾਣਾਂ ਰੱਦ ਜਾਂ ਫਿਰ ਤਬਦੀਲ ਕੀਤੇ ਜਾਣ ਕਰਕੇ ਯਾਤਰੀਆਂ ਨੂੰ ਰਿਫੰਡ ਮੁਹੱਈਆ ਕਰਵਾਉਣ ਵਿਚ ਕੀਤੀ ਹੱਦੋਂ ਵੱਧ ਦੇਰੀ ਲਈ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੂੰ 12.15 ਕਰੋੜ ਡਾਲਰ ਰਿਫੰਡ ਤੇ 14 ਲੱਖ ਡਾਲਰ ਜੁਰਮਾਨੇ ਵਜੋਂ ਅਦਾ ਕਰਨ ਲਈ ਕਿਹਾ ਹੈ। ਇਨ੍ਹਾਂ ਵਿਚੋਂ ਬਹੁਤੀਆਂ ਉਡਾਣਾਂ ਕਰੋਨਾ ਮਹਾਮਾਰੀ ਦੌਰਾਨ ਰੱਦ ਜਾਂ ਤਬਦੀਲ ਕਰਨੀਆਂ ਪਈਆਂ ਸਨ। ਅਮਰੀਕੀ ਆਵਾਜਾਈ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਏਅਰ ਇੰਡੀਆ ਉਨ੍ਹਾਂ ਛੇ ਏਅਰਲਾਈਨਾਂ ‘ਚੋਂ ਇਕ ਹੈ, ਜਿਨ੍ਹਾਂ ਕੁੱਲ ਮਿਲਾ ਕੇ 60 ਕਰੋੜ ਡਾਲਰ ਰਿਫੰਡ ਵਜੋਂ ਦੇਣ ਦੀ ਸਹਿਮਤੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦੀ ‘ਬੇਨਤੀ ‘ਤੇ ਰਿਫੰਡ’ ਪਾਲਿਸੀ ਅਮਰੀਕੀ ਆਵਾਜਾਈ ਵਿਭਾਗ ਦੀ ਨੀਤੀ ਤੋਂ ਉਲਟ ਹੈ, ਜੋ ਏਅਰਲਾਈਨ ਨੂੰ ਉਡਾਣ ਰੱਦ ਜਾਂ ਤਬਦੀਲ ਹੋਣ ਦੀ ਸਥਿਤੀ ਵਿਚ ਟਿਕਟਾਂ ਦਾ ਕਾਨੂੰਨੀ ਤੌਰ ‘ਤੇ ਰਿਫੰਡ ਦੇਣ ਦਾ ਪਾਬੰਦ ਬਣਾਉਂਦੀ ਹੈ। ਏਅਰ ਇੰਡੀਆ ਨੇ ਜਿਨ੍ਹਾਂ ਕੇਸਾਂ ਵਿਚ ਰਿਫੰਡਾਂ ਦੀ ਅਦਾਇਗੀ ਤੇ ਜੁਰਮਾਨਾ ਭਰਨ ਦੀ ਸਹਿਮਤੀ ਦਿੱਤੀ ਹੈ, ਉਹ ਟਾਟਾ’ਜ਼ ਵੱਲੋਂ ਕੌਮੀ ਏਅਰਲਾਈਨ ਖਰੀਦੇ ਜਾਣ ਤੋਂ ਪਹਿਲਾਂ ਦੇ ਹਨ। ਜਾਂਚ ਮੁਤਾਬਕ ਏਅਰ ਇੰਡੀਆ ਨੇ ਅਮਰੀਕੀ ਆਵਾਜਾਈ ਵਿਭਾਗ ਕੋਲ ਉਡਾਣਾਂ ਰੱਦ ਜਾਂ ਫਿਰ ਤਬਦੀਲ ਕਰਨ ਬਾਰੇ ਦਰਜ 1900 ‘ਚੋਂ ਰਿਫੰਡ ਸ਼ਿਕਾਇਤਾਂ ‘ਚੋਂ ਅੱਧੀਆਂ ਤੋਂ ਵੱਧ ਦੇ ਨਿਪਟਾਰੇ ਲਈ ਸੌ ਤੋਂ ਵੱਧ ਦਿਨਾਂ ਦਾ ਸਮਾਂ ਲਿਆ। ਏਅਰ ਇੰਡੀਆ ਸਬੰਧਤ ਏਜੰਸੀ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਉਣ ਵਿਚ ਵੀ ਨਾਕਾਮ ਰਹੀ ਕਿ ਉਹ ਮੁਸਾਫ਼ਰਾਂ ਨੂੰ ਟਿਕਟਾਂ ਦਾ ਰਿਫੰਡ ਦੇਣ ਦੇ ਅਮਲ ਨੂੰ ਕਿੰਨੇ ਦਿਨਾਂ ‘ਚ ਪੂਰਾ ਕਰੇਗੀ। ਅਮਰੀਕੀ ਆਵਾਜਾਈ ਵਿਭਾਗ ਨੇ ਕਿਹਾ, ”ਏਅਰ ਇੰਡੀਆ ਦੀ ਦੱਸੀ ਗਈ ਰਿਫੰਡ ਨੀਤੀ ਦੇ ਬਾਵਜੂਦ, ਏਅਰਲਾਈਨ ਨੇ ਯਾਤਰੀਆਂ ਨੂੰ ਸਮੇਂ ਸਿਰ ਰਿਫੰਡ ਮੁਹੱਈਆ ਨਹੀਂ ਕਰਵਾਇਆ। ਨਤੀਜੇ ਵਜੋਂ, ਗਾਹਕਾਂ ਨੂੰ ਰਿਫੰਡ ਪ੍ਰਾਪਤ ਕਰਨ ਵਿਚ ਹੋਈ ਦੇਰੀ ਕਰਕੇ ਨੁਕਸਾਨ ਝੱਲਣਾ ਪਿਆ।” ਏਅਰ ਇੰਡੀਆ ਤੋਂ ਇਲਾਵਾ ਜਿਨ੍ਹਾਂ ਹੋਰ ਏਅਰਲਾਈਨਾਂ ਨੂੰ ਜੁਰਮਾਨਾ ਲਾਇਆ ਗਿਆ ਹੈ, ਉਨ੍ਹਾਂ ਵਿਚ ਫਰੰਟੀਅਰ, ਟੈਪ ਪੋਰਟੂਗਲ, ਐਰੋ ਮੈਕਸਿਕੋ, ਐੱਲ ਏਆਈ ਤੇ ਐਵੀਆਂਕਾ ਸ਼ਾਮਲ ਹਨ। ਏਅਰਲਾਈਨਾਂ ਵੱਲੋਂ ਅਦਾ ਕੀਤੇ ਗਏ 600 ਮਿਲੀਅਨ ਡਾਲਰ ਤੋਂ ਵੱਧ ਦੇ ਰਿਫੰਡ ਤੋਂ ਇਲਾਵਾ, ਆਵਾਜਾਈ ਵਿਭਾਗ ਨੇ ਐਲਾਨ ਕੀਤਾ ਕਿ ਉਹ ਰਿਫੰਡ ਮੁਹੱਈਆ ਕਰਵਾਉਣ ਵਿਚ ਕੀਤੀ ਹੱਦੋਂ ਵੱਧ ਦੇਰੀ ਲਈ ਇਨ੍ਹਾਂ ਛੇ ਏਅਰਲਾਈਨਾਂ ਨੂੰ 7.25 ਮਿਲੀਅਨ ਡਾਲਰ ਤੋਂ ਵੱਧ ਦਾ ਸਿਵਲ ਜੁਰਮਾਨਾ ਲਾਉਣ ਦੇ ਵਿਚਾਰ ਦਾ ਮੁਲਾਂਕਣ ਕਰ ਰਿਹਾ ਹੈ।
