
* ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ ਤੇ ਹਿਊਸਟਨ ਦੇ ਮੇਅਰ ਬਣੇ ਅਫਰੀਕਨ-ਅਮਰੀਕਨ
ਸੈਕਰਾਮੈਂਟੋ, 18 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ 4 ਵੱਡੇ ਸ਼ਹਿਰਾਂ ਦੀ ਕਮਾਨ ਅਫਰੀਕੀ ਮੂਲ ਦੇ ਅਮਰੀਕੀਆਂ ਦੇ ਹੱਥਾਂ ਵਿਚ ਆ ਗਈ ਹੈ। ਇਨਾਂ ਸ਼ਹਿਰਾਂ ਵਿਚ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ ਤੇ ਹੋਸਟਨ ਸ਼ਾਮਿਲ ਹਨ। ਕਾਰੇਨ ਬਾਸ ਅਗਲੇ ਮਹੀਨੇ ਲਾਸ ਏਂਜਲਸ ਦੇ ਮੇਅਰ ਵਜੋਂ ਸਹੁੰ ਚੁੱਕੇਗੀ। ਅਫਰੀਕਨ ਅਮੈਰੀਕਨ ਮੇਅਰਜ ਐਸੋਸੀਏਸ਼ਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕਾਲੇ ਵਿਅਕਤੀ ਮੇਅਰ ਦੀਆਂ ਚੋਣਾਂ ਨਿਰੰਤਰ ਜਿੱਤ ਰਹੇ ਹਨ, ਅਸੀਂ ਇਸ ਪ੍ਰਗਤੀ ਤੋਂ ਉਤਸ਼ਾਹਿਤ ਹਾਂ। ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੇ 4 ਸ਼ਹਿਰਾਂ ਦੀ ਕਮਾਨ ਅਫਰੀਕੀ ਮੂਲ ਦੇ ਕਾਲੇ ਵਿਅਕਤੀਆਂ ਦੇ ਹੱਥਾਂ ਵਿਚ ਆ ਗਈ ਹੈ।¿; 6ਵੀਂ ਵਾਰ ਕਾਂਗਰਸ ਦੀ ਮੈਂਬਰ ਬਣੀ ਕਾਰੇਨ ਬਾਸ, ਜੋ ਦੱਖਣੀ ਤੇ ਪੱਛਮੀ ਲਾਸ ਏਂਜਲਸ ਦੀ ਪ੍ਰਤੀਨਿੱਧਤਾ ਕਰਦੀ ਹੈ, ਲਾਸ ਏਂਜਲਸ ਦੀ ਪਹਿਲੀ ਔਰਤ ਮੇਅਰ ਵਜੋਂ ਇਸ ਸਾਲ 12 ਦਸੰਬਰ ਨੂੰ ਸਹੁੰ ਚੁੱਕਣਗੇ। ਜਦਕਿ ਨਿਊਯਾਰਕ ਵਿਚ ਐਰਿਕ ਐਡਮਜ, ਸ਼ਿਕਾਗੋ ਵਿਚ ਲੌਰੀ ਲਾਈਟਫੁੱਟ ਤੇ ਹੋਸਟਨ ਵਿਚ ਸਿਲਵੈਸਟਰ ਟਰਨਰ ਪਹਿਲਾਂ ਹੀ ਮੇਅਰ ਵਜੋਂ ਕੰਮ ਕਰ ਰਹੇ। ਇਹ ਸਾਰੇ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਹਨ। ਅਫਰਕੀਨ ਅਮੈਰੀਕਨ ਮੇਅਰਜ ਐਸੋਸੀਏਸ਼ਨ ਦੀ ਸੀ.ਈ.ਓ. ਫਿਲਿਸ ਡਿਕਰਸਨ ਨੇ ਕਿਹਾ ਹੈ ਕਿ ਉਸ ਦਾ ਵਿਸ਼ਵਾਸ਼ ਹੈ ਕਿ ਕਾਲੇ ਲੋਕਾਂ ਦੇ ਮੇਅਰ ਬਣਨ ਨਾਲ ਸਥਾਨਕ ਤੇ ਕੌਮੀ ਪੱਧਰ ਉਪਰ ਹਾਂ-ਪੱਖੀ ਅਸਰ ਪਵੇਗਾ। ਉਂਝ ਵੀ ਕਾਲੇ ਲੋਕ ਜ਼ਮੀਨ ਨਾਲ ਜੁੜੇ ਹੋਏ ਲੋਕ ਹਨ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਭਲੀਭਾਂਤ ਸਮਝਦੇ ਹਨ।
