
-18 ਵਿਦਿਆਰਥੀ ਜ਼ਖਮੀ, ਕਈਆਂ ਦੀ ਹਾਲਤ ਨਾਜ਼ੁਕ
ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਕੈਂਟੁਕੀ ਦੇ ਪੂਰਬ ‘ਚ ਇਕ ਸਕੂਲ ਬੱਸ ਬੇਕਾਬੂ ਹੋ ਕੇ ਪਹਾੜੀ ਦੇ ਹੇਠਾਂ ਡਿੱਗ ਗਈ, ਜਿਸ ਵਿਚ ਸਵਾਰ 18 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਮਾਗੋਫਿਨ ਕਾਊਂਟੀ ਸਕੂਲ ਡਿਸਟ੍ਰਿਕਟ ਸੁਪਰਡੈਂਟ ਕ੍ਰਿਸ ਮੀਡੋਜ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜ਼ਖਮੀਆਂ ‘ਚ ਐਲੀਮੈਂਟਰੀ ਤੋਂ ਲੈ ਕੇ ਹਾਈ ਸਕੂਲ ਦੇ ਵਿਦਿਆਰਥੀ ਸ਼ਾਮਲ ਹਨ। ਜ਼ਖਮੀਆਂ ਨੂੰ ਹੈਲੀਕਾਪਟਰ ਤੇ ਐਂਬੂਲੈਂਸ ਰਾਹੀਂ ਨੇੜੇ ਦੇ ਹਸਪਤਾਲਾਂ ‘ਚ ਪਹੁੰਚਾਇਆ ਗਿਆ ਹੈ। ਕੈਂਟੁਕੀ ਸਟੇਟ ਪੁਲਿਸ ਦੇ ਬੁਲਾਰੇ ਪੌਲ ਬਲਾਂਟੋਨ ਨੇ ਕਿਹਾ ਹੈ ਕਿ ਇਸ ਹਾਦਸੇ ‘ਚ ਹੋਰ ਕੋਈ ਵਾਹਣ ਸ਼ਾਮਲ ਨਹੀਂ ਹੈ ਤੇ ਜ਼ਖਮੀ ਡਰਾਈਵਰ ਹਾਦਸੇ ਬਾਰੇ ਕੋਈ ਜਾਣਕਾਰੀ ਦੇਣ ਦੀ ਹਾਲਤ ਵਿਚ ਨਹੀਂ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਸ ਬੇਕਾਬੂ ਹੋ ਕੇ ਇਕ ਬੰਨ੍ਹ ਉਪਰ ਚੜ੍ਹ ਗਈ ਤੇ ਬਾਅਦ ਵਿਚ ਪਹਾੜੀ ਦੇ ਹੇਠਾਂ ਜਾ ਡਿੱਗੀ। ਵਿਦਿਆਰਥੀਆਂ ਨੂੰ ਭਾਰੀ ਜੱਦੋ-ਜਹਿਦ ਬਾਅਦ ਬੱਸ ਵਿਚੋਂ ਕੱਢਿਆ ਗਿਆ, ਜਦਕਿ ਕੁਝ ਵਿਦਿਆਰਥੀ ਖੁਦ ਹੀ ਪਹਾੜੀ ਉਪਰ ਆਉਣ ਵਿਚ ਸਫਲ ਹੋ ਗਏ। ਬੱਸ ਵਿਚ ਸੀਟ ਬੈਲਟਾਂ ਨਹੀਂ ਸਨ। ਮੀਡੋਜ਼ ਨੇ ਕਿਹਾ ਕਿ ਇਸ ਸਬੰਧੀ ਰਾਜ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੁਨਰ ਵਿਚਾਰ ਦੀ ਲੋੜ ਹੈ ਕਿਉਂਕਿ ਇਹ ਮੁੱਦਾ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਅਧਿਕਾਰੀਆਂ ਵੱਲੋਂ ਜ਼ਖਮੀ ਵਿਦਿਆਰਥੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।