
ਪੰਜਾਬੀ ਮੂਲ ਦੀ ਡਾ. ਰਣੌਤਾ ਦੀ ਖੋਜ ਨੂੰ 400 ਖੋਜਾਂ ਵਿਚੋਂ ਮਿਲਿਆ ਚੌਥਾ ਸਥਾਨ
ਸਾਨ ਫਰਾਂਸਿਸਕੋ, 16 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਬੋਸਟਨ ‘ਚ ਹੋਏ ਸਭ ਤੋਂ ਵੱਡੇ ਸਾਲਾਨਾ ਜਨਤਕ ਸਿਹਤ ਸਮਾਗਮ ਵਿਚ ਪੰਜਾਬੀ ਮੂਲ ਦੀ ਡਾਕਟਰ ਰਣੌਤਾ ਵਲੋਂ ਸਿਹਤ ਸੁਰੱਖਿਆ ‘ਤੇ ਆਪਣੀ ਖੋਜ ਪੇਸ਼ ਕੀਤੀ ਗਈ। ਉਨ੍ਹਾਂ ਦੀ ਇਸ ਖੋਜ ਨੂੰ ਇਸ ਮੌਕੇ ਪੇਸ਼ ਕੀਤੀਆਂ ਗਈਆਂ 400 ਖੋਜਾਂ ਵਿਚੋਂ ਚੌਥਾ ਸਥਾਨ ਦਿੱਤਾ ਗਿਆ। ਉਸਦੀ ਇਸ ਖੋਜ ਨੂੰ ਸਮਾਗਮ ਦੇ ਸਪੈਸ਼ਲ ਸੈਸ਼ਨ ‘ਸੈਲੀਬਰੇਟ ਦਾ ਐਕਸੀਲੈਂਸ ਆਫ ਦਾ ਟੌਪ ਫੂਡ ਐਂਡ ਨਿਊਟਰੀਸ਼ੀਅਨ ਸਟੂਡੈਂਟ ਐਬਸਟਰੈਕਟ ਸਬਮਿਸ਼ਨ’ ਵਿਚ ਵਿਸ਼ੇਸ਼ ਤੌਰ ‘ਤੇ ਉਜਾਗਰ ਕੀਤਾ ਗਿਆ। ਲੁਧਿਆਣਾ ਦੇ ਇਕ ਸਾਧਾਰਨ ਪਰਿਵਾਰ ‘ਚ ਜੰਮੀ ਪਲੀ ਡਾ. ਰਣੌਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐੱਮ.ਬੀ.ਬੀ.ਐੱਸ. ਕੀਤੀ। ਉਪਰੰਤ ਉਸਨੇ ਮੋਹਨ ਦੇਈ ਹਸਪਤਾਲ ਵਿਚ ਰੈਜ਼ੀਡੈਂਟ ਡਾਕਟਰ ਵਜੋਂ ਸੇਵਾਵਾਂ ਨਿਭਾਈਆਂ। ਉਸ ਤੋਂ ਬਾਅਦ ਤਿੰਨ ਸਾਲ ਫੋਰਟਿਸ ਹਸਪਤਾਲ ਲੁਧਿਆਣਾ ਵਿਚ ਡਾਕਟਰੀ ਸੇਵਾਵਾਂ ਦੇਣ ਉਪਰੰਤ ਉਨ੍ਹਾਂ ਆਪਣੀ ਮਾਸਟਰਸ ਦੀ ਪੜ੍ਹਾਈ ਨੂੰ ਅੱਗੇ ਜਾਰੀ ਰੱਖਣ ਲਈ ਅਮਰੀਕਾ ਤੋਂ ਪਬਲਿਕ ਹੈੱਲਥ ‘ਚ ਡਿਗਰੀ ਕਰਨ ਦਾ ਫੈਸਲਾ ਕੀਤਾ। ਇਸ ਵਕਤ ਉਹ ਅਮਰੀਕਾ ਦੇ ਟੈਕਸਾਸ ਸੂਬੇ ‘ਚ ਫੈਮਿਲੀ ਮੈਡੀਸਨ ਰੈਜ਼ੀਡੈਂਟ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸਨੂੰ ਖੋਜ ਆਧਾਰਿਤ ਇਲਾਜ ਕਰਨਾ ਪਸੰਦ ਹੈ ਅਤੇ ਚਾਹੁੰਦੀ ਹੈ ਕਿ ਉਹ ਆਪਣੇ ਮਰੀਜ਼ਾਂ ਦਾ ਮੁਕੰਮਲ ਇਲਾਜ ਤਾਂ ਕਰੇ ਹੀ, ਸਗੋਂ ਉਨ੍ਹਾਂ ਨੂੰ ਉਸ ਬਿਮਾਰੀ ਤੋਂ ਬਚਾਅ ਦੇ ਢੰਗ ਤਰੀਕੇ ਵੀ ਜ਼ਰੂਰ ਦੱਸੇ।
